ਅਰਮੀਤ ਕੌਰ ਗਾੜਾ, ਜਲੰਧਰ
ਪਲਾਸਟਿਕ ਦੀ ਵਰਤੋਂ ਪਿਛਲੇ ਦੋ ਦਹਾਕਿਆਂ ਤੋਂ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਲਾਸਟਿਕ ਉਦਯੋਗ ਦਾ ਸਾਡੀ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਹੈ, ਪਰ ਇਸ ਦੀ ਕੀਮਤ ਸਾਡਾ ਵਾਤਾਵਰਣ ਭੁਗਤ ਰਿਹਾ ਹੈ। ਆਧੁਨਿਕ ਸੰਸਾਰ ਵਿਚ ਪਲਾਸਟਿਕ ਦੀ ਵਰਤੋਂ ਨਾ ਕਰਨਾ ਕਲਪਨਾ ਤੋਂ ਪਰ੍ਹੇ ਹੈ। ਇਸ ਦਾ ਨੁਕਸਾਨਦੇਹ ਪ੍ਰਭਾਵ ਸਾਰੀ ਦੁਨੀਆਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਲਾਸਟਿਕ ਦੀ ਵਰਤੋਂ ਜਿੰਦਗੀ ਦੇ ਹਰ ਖੇਤਰ ਵਿੱਚ ਹੋ ਰਹੀ ਹੈ। ਭਾਵੇਂ ਓਹ ਪਾਣੀ ਦੀਆਂ ਬੋਤਲਾਂ , ਪਲਾਸਟਿਕ ਦੇ ਥੈਲੇ, ਪਾਣੀ ਦੀਆਂ ਟੈਂਕੀਆਂ, ਖਿਡੋਣੇ, ਮਸ਼ੀਨਾਂ ਦੇ ਪੁਰਜੇ ਜਾਂ ਬਿਜਲੀ ਦੇ ਸਵਿੱਚ ਹੀ ਹੋਣ । ਪਲਾਸਟਿਕ ਦੀਆਂ ਕਈ ਕਿਸਮਾਂ ਹਨ ਤੇ ਉਹਨਾ ਕਿਸਮਾਂ ਦੇ ਮੁਤਾਬਿਕ ਹੀ ਇਸ ਦੀ ਵਰਤੋਂ ਵੱਖ ਵੱਖ ਚੀਜਾਂ ਵਿੱਚ ਹੁੰਦੀ ਹੈ। ਅਜਿਹੇ ਸਮੇਂ ਵਿਚ ਮੁੱਦਾ ਹੈ ਕਿ ਕੀ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਲਾਈ ਜਾਵੇ ਤੇ ਇਸ ਦਾ ਕੀ ਨਫਾ ਨੁਕਸਾਨ ਹੈ।
ਆਓ ਸਮਝੀਏ ਕਿ ਪਲਾਸਟਿਕ ਕਿਸ ਤਰ੍ਹਾਂ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਦੂਸਰੀਆਂ ਵਸਤਾਂ ਵਾਂਗ ਘੁੱਲਦਾ ਨਹੀਂ। ਇਸ ਕਰਕੇ ਇਹ ਸਥਾਈ ਪਰਦੂਸ਼ਣ ਹੈ।
ਵਿਗਿਆਨਕ ਖੋਜ ਕਰ ਰਹੇ ਹਨ
ਕੁਦਰਤੀ ਬੈਕਟੀਰੀਆ, ਸੁਕਸਮ ਜੀਵ ਵੀ ਇਸ ਨੂੰ ਖਤਮ ਕਰਨ ਵਿਚ ਸਹਾਇਕ ਨਹੀਂ। ਸਾਰੇ ਦੇਸ਼ ਵੱਖ ਵੱਖ ਤਰ੍ਹਾਂ ਨਾਲ ਇਸ ਉਪਰ ਵਿਗਿਆਨਕ ਖੋਜ ਕਰ ਰਹੇ ਹਨ ਜੋ ਇਸਨੂੰ ਖਤਮ ਕਰਨ ਵਿੱਚ ਸਹਾਈ ਹੋਵੇ, ਪਰ ਹਜੇ ਅਸੀਂ ਕਾਮਯਾਬੀ ਤੋਂ ਪਰੇ ਹੈ। ਪਲਾਸਟਿਕ ਜਦੋਂ ਜ਼ਮੀਨ ਵਿੱਚ ਹੁੰਦਾ ਹੈ ਇਹ ਗੱਲ ਕੇ ਜਮੀਨ ਵਿੱਚਲੇ ਰਸਤੇ ਫਲਾਂ ਸਬਜ਼ੀਆਂ ਤੇ ਖਾਣ ਵਾਲੀਆਂ ਵਸਤਾਂ ਰਾਹੀ ਸਾਡੇ ਸਰੀਰ ਵਿਚ ਜਾ ਰਿਹਾ ਹੈ ।
ਪਲਾਸਟਿਕ ਨੂੰ ਸਾੜਨ ਤੇ ਖਤਰਨਾਕ ਗੈਸ ਦਾ ਰਿਸਾਵ ਹੁੰਦਾ ਹੈ ਜੋ ਸਾਡੀ ਹਵਾ ਨੂੰ ਪਰਦੂਸ਼ਿਤ ਕਰਦਾ ਹੈ। ਸਮੁੰਦਰੀ ਜੀਵਨ ਵੀ ਇਸਦੇ ਪ੍ਰਭਾਵ ਤੋਂ ਬਚਿਆ ਨਹੀਂ ਹੈ, ਅਣਗਿਣਤ ਸਮੁੰਦਰੀ ਜੀਵ ਅਤੇ ਪੰਛੀ ਇਕ ਨਾ ਇਕ ਤਰੀਕੇ ਇਸ ਦੇ ਕਾਰਨ ਮੌਤ ਦੀ ਲਪੇਟ ਵਿਚ ਆ ਰਹੇ ਹਨ।
ਪਲਾਸਟਿਕ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨੇ ਸਾਨੂੰ ਇਸ ਤੇ ਨਿਰਭਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਹਰ ਪਾਸੇ ਪਲਾਸਟਿਕ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ। ਪਲਾਸਟਿਕ ਦੀਆਂ ਕਈ ਕਿਸਮਾਂ ਤੇ ਇੰਨੀਆਂ ਖ਼ਤਰਨਾਕ ਹਨ ਜੋ ਕਿ ਕੈੰਸਰ ਦਾ ਕਾਰਨ ਬਣ ਰਹੀਆਂ ਹਨ। ਅਜਿਹੀ ਇੱਕ ਕਿਸਮ ਪੋਲੀਵਿਨਾਇਲ ਕਲੋਰਾਈਡ ਜਾਂ ਪੀ.ਵੀ.ਸੀ.ਹੈ ।
ਉਪਰੋਕਤ ਜਾਣਕਾਰੀ ਤੋਂ ਅਸੀਂ ਇਹ ਤੇ ਸਮਝ ਲਿਆ ਹੈ ਕੇ ਇਸ ਤੇ ਪਾਬੰਦੀ ਲਗਾਉਣਾ ਕਿਉ ਜਰੂਰੀ ਹੈ। ਆਓ ਇਸਦੇ ਦੂਸਰਾ ਪਹਿਲੂ ਪਲਾਸਟਿਕ ਉਦਯੋਗ ਅਤੇ ਦੇਸ਼ ਦੀ ਅਰਥਵਿਵਸਥਾ ਬਾਰੇ ਵੀ ਜਾਣ ਲਈਏ।
ਪਲਾਸਟਿਕ ਉਦਯੋਗ ਨਾਲ ਕਈ ਲੋਕਾਂ ਦੀ ਜੀਵਨੀ ਚਲਦੀ ਹੈ
ਪਲਾਸਟਿਕ ਇੱਕ ਸਸਤਾ, ਟਿਕਾਊ, ਲੰਬੇ ਸਮੇਂ ਤੱਕ ਤੇ ਟਿਕਣ ਵਾਲਾ ਅਤੇ ਆਸਾਨੀ ਨਾਲ ਵਰਤਿਆ ਜਾਣ ਵਾਲਾ ਪਦਾਰਥ ਹੈ। ਪਲਾਸਟਿਕ ਉਦਯੋਗ ਨਾਲ ਕਈ ਲੋਕਾਂ ਦੀ ਜੀਵਨੀ ਚਲਦੀ ਹੈ। ਪਲਾਸਟਿਕ ਦੀ ਪਾਬੰਦੀ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ । ਜੇ ਅਸੀਂ ਇਸ ਨੂੰ ਕਾਗਜ਼ ਜਾਂ ਕੱਪੜੇ ਨਾਲ ਬਦਲਣ ਦੀ ਸੋਚੀਏ ਤਾਂ ਕੁਝ ਚੀਜ਼ਾਂ ਤੇ ਹਨ ਜੋ ਅਸੀਂ ਬਦਲ ਸਕਦੇ ਹਾਂ ਜਿਵੇਂ ਕਿ ਥੈਲੀਆਂ, ਪਰ ਅਜਿਹੀਆਂ ਬਹੁਤ ਸਾਰੀਆਂ ਵਸਤੂਆਂ ਹਨ ਜਿਨ੍ਹਾਂ ਦਾ ਕੋਈ ਬਦਲ ਨਹੀਂ।
ਖਾਣਾ, ਪਾਣੀ ਆਦਿ ਪਲਾਸਟਿਕ ਦੀਆਂ ਪੈਕਿੰਗ ਵਿੱਚ ਹੀ ਸੁਰੱਖਿਅਤ ਹਨ। ਪਲਾਸਟਿਕ ਉਤਪਾਦਨ ਵਿੱਚ ਹਰ ਸਾਲ 3 ਪ੍ਰਤਿਸ਼ਤ ਦਾ ਵਾਧਾ ਹੋ ਰਿਹਾ ਹੈ । ਇਹ ਕਈ ਅਰਬਾਂ- ਕਰੋੜਾਂ ਦਾ ਉਦਯੋਗ ਹੈ ਇਸਦੀ ਪਾਬੰਦੀ ਨਾਲ ਸਾਰੀ ਵਿਸ਼ਵ ਅਰਥ-ਵਿਵਸਥਾ ਤੇ ਬਹੁਤ ਹੀ ਵਿਨਾਸ਼ਕਾਰੀ ਪ੍ਭਾਵ ਪਵੇਗਾ। ਕਾਗਜ਼ ਦੀ ਵਧੇਰੇ ਵਰਤੋਂ ਨਾਲ ਸਾਡੇ ਵਾਤਾਵਰਨ ਤੇ ਦੁੁਸ਼-ਪ੍ਰਭਾਵ ਪਵੇਗਾ।
ਖਪਤਕਾਰਾਂ ਨੂੰ ਵਧੇਰੇ ਪੈਸੇ ਖਰਚ ਕਰਨੇ ਪੈਣਗੇ
ਖਪਤਕਾਰਾਂ ਨੂੰ ਵਧੇਰੇ ਪੈਸੇ ਖਰਚ ਕਰਨੇ ਪੈਣਗੇ, ਕਿਉਕਿ ਇਸ ਦਾ ਬਦਲ ਮਹਿੰਗਾ ਹੈ। ਕੰਪਨੀਆਂ ਦੇ ਲੋਗੋ ਤੇ ਸੰਪਰਕ ਜਾਣਕਾਰੀ ਦੀ ਛਪਾਈ ਪਲਾਸਟਿਕ ਤੇ ਅਸਾਨੀ ਨਾਲ ਹੋ ਜਾਂਦੀ ਹੈ, ਪਰ ਕਾਗਜ਼ ਜਾਂ ਕਪੜੇ ਤੇ ਔਖੀ ਅਤੇ ਮਹਿੰਗੀ ਹੈ।
ਸੋ ਸੋਚਿਏ ਕਿ ਇਸ ਦਾ ਬਦਲ ਕੀ ਹੈ। ਪਹਿਲਾਂ ਕਿ ਇਸ ਨੂੰ ਹੌਲੀ-ਹੌਲੀ ਤਬਦੀਲ ਕਰੀਏ ਤਾਂ ਕਿ ਸਾਡੀ ਅਰਥਵਿਵਸਥਾ ਨਾਂ ਡਗਮਗਾਏ। ਦੂਸਰਾ ਅਸੀ ਵਿਅਕਤੀਗਤ ਤੌਰ ਤੇ ਇਸ ਦੀ ਵਰਤੋਂ ਘੱਟ ਕਰੀਏ। ਤੀਸਰਾ ਕਿ ਇਸਦਾ ਅਜਿਹਾ ਬਦਲ ਲੱਭਿਆ ਜਾਏ, ਜਿਸ ਨੂੰ ਰੀ-ਸਾਈਕਲ ਕੀਤਾ ਜਾ ਸਕੇ ਔਰ ਜੋ ਕੁਦਰਤ ਲਈ ਸੁਰੱਖਿਅਤ ਹੋਵੇ।