ਜਲੰਧਰ, 31 ਜਨਵਰੀ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਜਲੰਧਰ ਛਾਉਣੀ ਤੋਂ ਲਗਾਤਾਰ ਤੀਜੀ ਵਾਰ ਚੋਣ ਲਡ਼ ਰਹੇ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਦਿੱਲੀ ਵਾਲਾ ਮਾਡਲ ਨਹੀਂ ਚੱਲੇਗਾ ਕਿਉਂਕਿ ਕਰੋਨਾ ਦੌਰਾਨ ਦਿੱਲੀ ਦਾ ਮਾਡਲ ਫੇਲ੍ਹ ਹੁੰਦਾ ਦੁਨੀਆਂ ਨੇ ਅੱਖੀਂ ਦੇਖਿਆ ਸੀ।
ਜਲੰਧਰ ਛਾਉਣੀ ਦੇ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਨੂੰ ਝੂਠ ਦੀਆਂ ਪੰਡਾਂ ਦੱਸਦਿਆਂ ਕਿਹਾ ਕਿ ਦਿੱਲੀ ’ਚ ਮੁਹੱਲਾ ਕਲੀਨਿਕਾਂ ’ਤੇ ਸਿਹਤ ਸਹੂਲਤਾਂ ਏਨੀਆਂ ਚਰਮਰਾ ਗਈਆਂ ਸਨ ਕਿ ਦਿੱਲੀ ਦੇ ਕਰੋਨਾ ਪੀਡ਼ਤ ਮਰੀਜ਼ ਪੰਜਾਬ ਵਿਚ ਤੇ ਖਾਸ ਕਰਕੇ ਜਲੰਧਰ ਵਿਚ ਆ ਕੇ ਆਪਣਾ ਇਲਾਜ ਕਰਵਾਉਂਦੇ ਰਹੇ। ਜਿਥੇ ਸੂਬਾ ਸਰਕਾਰ ਨੇ ਹਰ ਸਰਕਾਰੀ ਤੇ ਨਿੱਜੀ ਹਸਪਤਾਲ ਵਿਚ ਉਨ੍ਹਾਂ ਨੂੰ ਬਿਸਤਰੇ ਤੇ ਆਕਸੀਜਨ ਦੇ ਸਿਲੰਡਰ ਮੁਹੱਈਆ ਕਰਵਾਏ।
ਅੰਕਡ਼ਾ 20 ਤੋਂ ਪਾਰ ਨਹੀਂ ਹੋਇਆ
ਪੰਜਾਬ ਦੇ ਸ਼ਹਿਰਾਂ ਨੂੰ ਸਾਫ-ਸੁਥਰਾ ਬਣਾਉਣ ਦੀਆਂ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ’ਤੇ ਚੁਟਕੀ ਲੈਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਦਿੱਲੀ ਵਿਚ ਕੂਡ਼ੇ ਦੇ ਲੱਗੇ ਪਹਾਡ਼ਾਂ ਨੂੰ ਤਾਂ ਠੀਕ ਕਰ ਲੈਣ, ਜਿਹਡ਼ੇ ਪੰਜਾਬ ਵਾਲਿਆਂ ਦੇ ਦਿੱਲੀ ’ਚ ਦਾਖਲੇ ਦੌਰਾਨ ਹੀ ਮੱਥੇ ਵਿਚ ਵੱਜਦੇ ਹਨ। ਪਰਗਟ ਸਿੰਘ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਹਵਾ ਵਿਚ ਹੀ ਸਰਵੇ ਕਰਵਾਏ ਸਨ ਕਿ ਉਹ 100 ਸੀਟਾਂ ਜਿੱਤ ਰਹੇ ਹਨ ਤੇ ਮੁਡ਼ ਕੇ ਅੰਕਡ਼ਾ 20 ਤੋਂ ਪਾਰ ਨਹੀਂ ਹੋਇਆ। ਇਸ ਵਾਰ ਤਾਂ ਉਨ੍ਹਾਂ ਦੀਆਂ ਪਹਿਲੀਆਂ 20 ਜਿੱਤੀਆਂ ਸੀਟਾਂ ਵੀ ਕਾਇਮ ਰਹਿਣੀਆਂ ਔਖੀਆਂ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਮਾਲਵੇ ਦੇ ਹਲਕੇ ਭਦੌਡ਼ ਤੋਂ ਵੀ ਟਿਕਟ ਦਿੱਤੇ ਜਾਣ ’ਤੇ ਇਕ ਸਵਾਲ ਦੇ ਜਵਾਬ ਵਿਚ ਪਰਗਟ ਸਿੰਘ ਨੇ ਕਿਹਾ ਕਿ ਇਸ ਦਾ ਲਾਭ ਕਾਂਗਰਸ ਨੂੰ ਹੋਵੇਗਾ, ਚੰਨੀ ਨੂੰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਵਜੋਂ ਆਪਣਾ ਮੁੱਖ ਮੰਤਰੀ ਸਵੀਕਾਰਿਆ ਹੋਇਆ ਹੈ। ਮਾਲਵੇ ਦਾ ਇਲਾਕਾ, ਜਿਸ ਨੂੰ ਆਮ ਆਦਮੀ ਪਾਰਟੀ ਆਪਣਾ ਗਡ਼੍ਹ ਮੰਨ ਕੇ ਚੱਲ ਰਹੀ ਸੀ, ਹੁਣ ਚਰਨਜੀਤ ਸਿੰਘ ਚੰਨੀ ਉਸੇ ਗਡ਼੍ਹ ਵਿਚ ਸੰਨ੍ਹ ਲਾਉਣਗੇ। ਇਥੋਂ ਵਧੇਰੇ ਸੀਟਾਂ ਜਿੱਤ ਕੇ ਕਾਂਗਰਸ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਣਗੇ।
ਪਰਗਟ ਸਿੰਘ ਰੋਜ਼ਾਨਾ ਆਪਣੇ ਹਲਕੇ ਵਿਚ ਇਕ ਦਰਜਨ ਤੋਂ ਵੱਧ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿਚੋਂ ਮਿਲ ਰਹੇ ਹੁੰਗਾਰੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਤਿਕਾਰ ਨੇ ਉਨ੍ਹਾਂ ਦੇ ਮਨੋਂ ਬਲ ਨੂੰ ਵਧਾਇਆ ਹੈ। ਪਰਗਟ ਸਿੰਘ ਨੇ ਅੱਜ ਨੰਗਲ ਕਰਾਰ ਖਾਂ, ਬੂਟਾਂ ਪਿੰਡ, ਸੰਸਾਰਪੁਰ, ਜੰਡਿਆਲਾ ਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਪਰਗਟ ਸਿੰਘ ਦੀ ਟੀਮ ਕੋਵਿਡ ਨਿਯਮਾਂ ਦੀ ਪਾਲਣਾ ਕਰਦੀ ਰਹੀ।